ਪਟਿਆਲਾ: 05 ਨਵੰਬਰ, 2014
ਅੱਜ ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਸ਼ਾਹੀ ਸ਼ਹਿਰ ਪਟਿਆਲਾ ਦੇ ਸੰਗੀਤਕਾਰਾਂ, ਸ਼ਹਿਰ ਦੀਆਂ ਇਤਿਹਾਸਕ ਇਮਾਰਤਾਂ ਅਤੇ ਮੋਦੀ ਕਾਲਜ ਨਾਲ ਸੰਬੰਧਿਤ ਯਾਦਗਾਰੀ ਪਲਾਂ ਨੂੰ ਦਰਸਾਉਂਦੀਆਂ ਫੋਟੋਆਂ ਦੀ ਪ੍ਰਦਰਸ਼ਨੀ “ਧ੍ਰੋਹਰ“ ਲਗਾਈ ਗਈ। ਇਸ ਫੋਟੋ-ਪ੍ਰਦਰਸ਼ਨੀ ਦਾ ਉਦਘਾਟਨ ਉਂਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਦੇ ਡਾਇਰੈਕਟਰ ਡਾ. ਰਜਿੰਦਰ ਸਿੰਘ ਗਿੱਲ ਅਤੇ ਪਟਿਆਲਾ ਸੰਗੀਤ ਘਰਾਣਾ ਨਾਲ ਜੁੜੇ ਉਸਤਾਦ ਵਿਲਾਇਤ ਖਾਂ ਸਾਹਿਬ ਦੇ ਸ਼ਗਿਰਦ ਸ੍ਰੀ ਨਰਿੰਦਰ ਨਰੂਲਾ ਨੇ ਕੀਤਾ। ਇਸ ਅਵਸਰ ਤੇ ਡਾ. ਗਿੱਲ ਨੇ ਕਿਹਾ ਕਿ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਸੰਗੀਤ ਘਰਾਣਾ, ਵਿਦਿਅਕ ਸੰਸਥਾਵਾਂ, ਹੱਥ-ਸ਼ਿਲਪ ਕਲਾਵਾਂ ਤੇ ਅਨੇਕਾਂ ਪਰੰਪਰਾਵਾਂ ਅਜਿਹੀਆਂ ਹਨ ਜਿਨ੍ਹਾਂ ਬਾਰੇ ਨੌਜਵਾਨ ਪੀੜ੍ਹੀ ਨੂੰ ਜਾਗ੍ਰਿਤ ਕਰਨ ਵਿਚ ਅਜਿਹੀਆਂ ਨੁਮਾਇਸ਼ਾਂ ਵੱਡਾ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਟਿਆਲਾ ਵਿਰਾਸਤ ਨਾਲ ਸੰਬੰਧਿਤ ਅਨੇਕਾਂ ਯਾਦਗਾਰੀ ਵਿਰਾਸਤੀ ਵਸਤਾਂ, ਕਲਾ-ਕ੍ਰਿਤੀਆਂ ਤੇ ਦਸਤਾਵੇਜ ਨਾ ਸਿਰਫ਼ ਪਟਿਆਲਾ ਜਾਂ ਪੰਜਾਬ ਵਿਚ, ਸਗੋਂ ਦੇਸ਼ ਵੱਖ-ਵੱਖ ਹਿੱਸਿਆਂ ਵਿਚ ਅਣਗੌਲੇ ਪਏ ਹਨ। ਜੇ ਉਨ੍ਹਾਂ ਨੂੰ ਇਕੱਠਾ ਕਰਨ ਤੇ ਸਾਂਭਣ ਦਾ ਯਤਨ ਕੀਤਾ ਜਾਵੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਇਕ ਵੱਡਮੁਲਾ ਸਭਿਆਚਾਰਕ ਵਿਰਸਾ ਸਾਬਤ ਹੋਵੇਗਾ ਅਤੇ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿਚ ਵੀ ਸਹਾਈ ਹੋਵੇਗਾ। ਡਾ. ਗਿੱਲ ਨੇ ਕਾਲਜ ਦੀ ਹੈਰੀਟੇਜ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਉਂਤਰੀ ਖੇਤਰ ਸਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਅਜਿਹੇ ਕਾਰਜਾਂ ਲਈ ਹਰ ਪ੍ਰਕਾਰ ਦਾ ਸਹਿਯੋਗ ਮਿਲਦਾ ਰਹੇਗਾ।
ਕਾਲਜ ਦੇ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਸ ਵਰ੍ਹੇ ਕਾਲਜ ਵਿਚ “ਹੈਰੀਟੇਜ ਸੁਸਾਇਟੀ“ ਸਥਾਪਤ ਕੀਤੀ ਗਈ ਹੈ ਜਿਸ ਦੇ ਵਿਦਿਆਰਥੀ-ਮੈਂਬਰ ਪਟਿਆਲਾ ਸ਼ਹਿਰ ਨਾਲ ਸੰਬੰਧਿਤ ਇਤਿਹਾਸਕ ਸਥਾਨਾਂ, ਵਿਅਕਤੀਆਂ, ਕਲਾਵਾਂ ਅਤੇ ਪਰੰਪਰਾਵਾਂ ਸੰਬੰਧੀ ਜਾਣਕਾਰੀ ਇੱਕਤਰ ਕਰਕੇ ਦੂਜਿਆਂ ਨੂੰ ਪਟਿਆਲਾ ਸ਼ਹਿਰ ਦੀ ਮਾਣ ਕਰਨ ਯੋਗ ਵਿਰਾਸਤ ਬਾਰੇ ਜਾਣੂੰ ਕਰਵਾਉਂਦੇ ਹਨ। ਡਾ. ਖੁyਸਵਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਇਸ ਪ੍ਰਦਰਸ਼ਨੀ ਦਾ ਵਿਚਾਰ ਅਤੇ ਸਮੁੱਚਾ ਪ੍ਰਬੰਧ ਕਾਲਜ ਦੇ ਕੰਪਿਊਟਰ ਸਾਇੰਸ ਦੇ ਪ੍ਰਾਧਿਆਪਕ ਹਰਮੋਹਨ ਸ਼ਰਮਾ ਦੀ ਅਣਥੱਕ ਮਿਹਨਤ ਦਾ ਨਤੀਜਾ ਹੈ।
ਇਸ ਪ੍ਰਦਰਸ਼ਨੀ ਵਿਚ ਉਚੇਚੇ ਤੌਰ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਤੋਂ ਡਾ. ਮਨਮੋਹਨ ਸ਼ਰਮਾ, ਮਿਸ ਵਿਨੀਤਾ ਅਤੇ ਵਿਭਾਗ ਦੇ ਵਿਦਿਆਰਥੀ ਪਹੁੰਚੇ ਹੋਏ ਸਨ। ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਪ੍ਰਦਰਸ਼ਨੀ ਦੇ ਕਲਾਤਮਕ ਸੁਹਜ ਨੂੰ ਮਾਣਿਆ ਅਤੇ ਖੂਬ ਪ੍ਰਸੰਸਾ ਕੀਤੀ। ਕਾਲਜ ਦੇ ਡੀਨ (ਕਾਮਰਸ) ਪ੍ਰੋ. ਨਿਰਮਲ ਸਿੰਘ ਨੇ ਆਏ ਮਹਿਮਾਨਾਂ ਅਤੇ ਪ੍ਰਦਰਸ਼ਨੀ ਆਯੋਜਿਤ ਕਰਨ ਵਾਲਿਆਂ ਦਾ ਧੰਨਵਾਦ ਕੀਤਾ।
ਪ੍ਰਿੰਸੀਪਲ